Friday, December 5, 2008

ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..||

ਬੋਲੀ ਨਾਂ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ,
ਮਾਂਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ੍ਹ ਜਾਣੀਆਂ..
ਦਿੱਤੀਆਂ ਸ਼ਹਾਦਤਾਂ ਨਾਂ ਮਿੱਟੀ ਚ’ ਮਿਲਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..

ਪੁੱਤਰਾਂ-ਪੰਜਾਬੀਆਂ ਨੇਂ ਵਾਰੀਆਂ ਜਵਾਨੀਆਂ,
ਸੀਸ ਕਟਵਾਕੇ ਸਾਨੂੰ ਦਿੱਤੀਆਂ ਨਿਸ਼ਾਨੀਆਂ..
ਐਨੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗੁਆ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..

ਗੁਰੂਆਂ,ਪੰਜਾਬ ਦੀਆਂ ਨੀਹਾਂ ਹੱਥੀਂ ਰੱਖੀਆਂ,
ਪੁੱਤ ਚਿਣਵਾਕੇ ਨੀਹਾਂ ਕੀਤੀਆਂ ਨੇਂ ਪੱਕੀਆਂ..
ਕਿਤੇ ਭੁੱਲ-ਚੁੱਕ ਵਿੱਚ ਨੀਹਾਂ ਨਾਂ ਹਿਲਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..

ਬੁੱਲ੍ਹੇ ਦੀਆਂ ਕਾਫ਼ੀਆਂ ਤੇ ਬਾਹੂ ਵਾਲੀ ਹੂ ਵਿੱਚ,
ਵੈਣਾਂ ਚ’ ਸੁਹਾਗਾਂ ਵਿੱਚ ਵਸੇ ਸਾਡੀ ਰੂਹ ਵਿੱਚ..
ਪੰਜਾਬ ਦੇ ਸਰੀਰ ਵਿੱਚੋਂ ਰੂਹ ਨਾਂ ਗੁਆ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..

ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾਂ ਚਾਹੀਦਾ,
ਬੋਲੇ ਜਦੋਂ ਬੰਦਾ ਤਾਂ ਪਹਿਚਾਣ ਹੋਣਾਂ ਚਾਹੀਦਾ..
ਆਪਣੀ ਪਹਿਚਾਣ ਵਾਲਾ ਦੀਵਾ ਨਾਂ ਬੁਝ੍ਹਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..
ਦੇਖਿਓ ਪੰਜਾਬੀਓ,...ਪੰਜਾਬੀ ਨਾਂ ਭੁਲਾ ਦਿਓ..

No comments: