Monday, December 8, 2008

ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ..

ਕਦੇ ਉੱਤੇ ਕਦੇ ਥੱਲੇ,ਕਦੇ ਪੂਰੀ ਬੱਲੇ-ਬੱਲੇ..
ਕਦੇ ਤਾਂ ਸੰਭਾਲ੍ਹੇ ਸਾਥੋਂ ਜਾਂਦੇ ਨੋਟ ਨਾਂ,
ਕਦੇ ਕੱਖ ਹੌਲੇ ਨਾਂ ਕਮਾਈਆਂ ਰਹਿੰਦੀਆਂ..
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ,
ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ..

ਵੱਟਾਂ ਉੱਤੇ ਹੁੰਦੇ ਸੀ ਜੋ ਘਾਹ ਖੋਤ ਦੇ,
ਪਹੁੰਚ ਗਏ ਵਲੈਤ ਹੁਣ ਗੱਲਾਂ ਹੋਰ ਨੇਂ..
ਪਿੰਡ ਦੇ ਵਿਚਾਲੇ ਛੱਤ ਲਈਆਂ ਕੋਠੀਆਂ,
ਕੱਚੀਆਂ-ਕੰਧੋਲੀਆਂ ਤੋਂ ਢਾਹ ਤੇ ਮੋਰ ਨੇਂ..
ਕਿਸੇ ਨੂੰ ਦੋ-ਵੇਲੇ ਦੀ ਨਾਂ ਰੋਟੀ ਜੁੜਦੀ,
ਕਈਆਂ ਅੱਗੇ ਮੱਖਣ-ਮਲਾਈਆਂ ਰਹਿੰਦੀਆਂ..
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ,
ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ..

ਓ ਜਿਹੜਾ ਬੈਠਾ ਦੇਖੋ wheel-chair ਤੇ,
ਕਦੇ ਹੋਣਾ ਬਾਬਾ ਕੌਡੀ-ਬਾਡੀ ਖੇਡਦਾ..
ਅੱਖਾਂ ਵਿੱਚ ਜਿਸਦੇ ਅੱਜ ਨਾਂ ਰਹੀ ਜੋਤ ਬਈ,
ਫ਼ਿਰਦਾ ਸੀ ਮੇਲਿਆਂ ਚ’ ਕਦੇ ਮੇਲ੍ਹਦਾ..
ਹੋਣਾ ਨਹੀਂ ਜਵਾਨੀਂ ਵਿੱਚ ਤਾਪ ਚੜਿਆ,
ਅੱਜ ਜਿਸਦੇ ਬੋਝੇ ਚ’ ਦਵਾਈਆਂ ਰਹਿੰਦੀਆਂ..
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ,
ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ.

ਬਸ ਖੁਦਗਰਜ਼ਾ ਦਾ ਮੇਲਾ ਬਣਕੇ , ਰਹਿ ਗਈ ਏ ਦੁਨੀਆਂ..

ਜੱਗ ਭਾਂਤ-ਭਾਂਤ ਦੀ ਮੰਡੀ,
ਦੁਨੀਆਂ ਭੇਦ-ਭਾਵ ਵਿੱਚ ਵੰਡੀ..
ਐਥੇ ਬੇਇਮਾਨੀ ਦੀ ਝੰਡੀ,
ਕੁਲਫ਼ੀ-ਗਰਮ ਜਲੇਭੀ-ਠੰਡੀ..
ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,ਰਹਿ ਗਈ ਏ ਦੁਨੀਆਂ..

ਐਥੇ ਨਾਂ ਕੋਈ ਸਖਾ-ਸਹੇਲਾ ਏ,
ਐਥੇ ਨਾਂ ਕੋਈ ਗੁਰੂ ਨਾਂ ਚੇਲਾ ਏ..
ਰੱਬ ਬਣ ਗਿਆ ਪੈਸਾ-ਧੇਲਾ ਏ,
ਕਹਿੰਦੇ ਆ ਗਿਆ ਕਲਯੁੱਗ ਵੇਲਾ ਏ..
ਇੰਨ੍ਹਾਂ ਕਹਿ ਚੁੱਪ ਕਰਕੇ ਬਹਿ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,ਰਹਿ ਗਈ ਏ ਦੁਨੀਆਂ..

ਜੋ 1947 ਵਿੱਚ ਉਜਾੜ੍ਹੇ,ਅੱਲ੍ਹੇ-ਜ਼ਖਮ ਅਜੇ ਸੀ ਸਾਰੇ..
ਸਾਕੇ ਹੋ ਗਏ ਨੀਲੇ-ਤਾਰੇ,ਦੰਗੇ ਵਿੱਚ 1984 ਭਾਰੇ..
ਕਾਇਰਾਂ ਵਾਂਗੂੰ ਹੱਸਕੇ ਸਭ-ਕੁਝ ਸਹਿ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,ਰਹਿ ਗਈ ਏ ਦੁਨੀਆਂ..

ਚੜ੍ਹਦੇ ਨੂੰ ਸੀਸ ਝੁਕਾਉਂਦੀ ਏ,ਛਿਪਦੇ ਨੂੰ ਪਿੱਠ ਦਿਖਾਉਂਦੀ ਏ..
ਮਰਿਆਂ ਨੂੰ ਤਗਮੇ ਲਗਾਉਂਦੀ ਏ,ਜਿਉਂਦਿਆਂ ਨੂੰ ਚਿਖਾ-ਚਣਾਉਂਦੀ ਏ..
ਆਮ-ਇਨਸਾਨ ਦੇ ਦਿਲ ਚੋਂ ਤਾਹੀਂਓ ਲਹਿ ਗਈ ਏ ਦੁਨੀਆਂ..
ਬਸ ਖੁਦਗਰਜ਼ਾ ਦਾ ਮੇਲਾ ਬਣਕੇ,ਰਹਿ ਗਈ ਏ ਦੁਨੀਆਂ..