Monday, December 8, 2008

ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ..

ਕਦੇ ਉੱਤੇ ਕਦੇ ਥੱਲੇ,ਕਦੇ ਪੂਰੀ ਬੱਲੇ-ਬੱਲੇ..
ਕਦੇ ਤਾਂ ਸੰਭਾਲ੍ਹੇ ਸਾਥੋਂ ਜਾਂਦੇ ਨੋਟ ਨਾਂ,
ਕਦੇ ਕੱਖ ਹੌਲੇ ਨਾਂ ਕਮਾਈਆਂ ਰਹਿੰਦੀਆਂ..
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ,
ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ..

ਵੱਟਾਂ ਉੱਤੇ ਹੁੰਦੇ ਸੀ ਜੋ ਘਾਹ ਖੋਤ ਦੇ,
ਪਹੁੰਚ ਗਏ ਵਲੈਤ ਹੁਣ ਗੱਲਾਂ ਹੋਰ ਨੇਂ..
ਪਿੰਡ ਦੇ ਵਿਚਾਲੇ ਛੱਤ ਲਈਆਂ ਕੋਠੀਆਂ,
ਕੱਚੀਆਂ-ਕੰਧੋਲੀਆਂ ਤੋਂ ਢਾਹ ਤੇ ਮੋਰ ਨੇਂ..
ਕਿਸੇ ਨੂੰ ਦੋ-ਵੇਲੇ ਦੀ ਨਾਂ ਰੋਟੀ ਜੁੜਦੀ,
ਕਈਆਂ ਅੱਗੇ ਮੱਖਣ-ਮਲਾਈਆਂ ਰਹਿੰਦੀਆਂ..
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ,
ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ..

ਓ ਜਿਹੜਾ ਬੈਠਾ ਦੇਖੋ wheel-chair ਤੇ,
ਕਦੇ ਹੋਣਾ ਬਾਬਾ ਕੌਡੀ-ਬਾਡੀ ਖੇਡਦਾ..
ਅੱਖਾਂ ਵਿੱਚ ਜਿਸਦੇ ਅੱਜ ਨਾਂ ਰਹੀ ਜੋਤ ਬਈ,
ਫ਼ਿਰਦਾ ਸੀ ਮੇਲਿਆਂ ਚ’ ਕਦੇ ਮੇਲ੍ਹਦਾ..
ਹੋਣਾ ਨਹੀਂ ਜਵਾਨੀਂ ਵਿੱਚ ਤਾਪ ਚੜਿਆ,
ਅੱਜ ਜਿਸਦੇ ਬੋਝੇ ਚ’ ਦਵਾਈਆਂ ਰਹਿੰਦੀਆਂ..
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ,
ਸਦਾ ਨਹੀਂਓ ਬੰਦਿਆ ਚੜ੍ਹਾਈਆਂ ਰਹਿੰਦੀਆਂ.

No comments: