Tuesday, December 9, 2008

ਪੁੱਤਾਂ ਬਰਾਬਰ ਧੀ . .


ਵੇ ਲੋਕੋ, ਵੇ ਲੋਕੋ
ਵੇ ਜ਼ੁਲਮ ਹੋਣ ਤੋਂ ਰੋਕੋ
ਹਾਰੋ ਵੇ ਹੁਣ ਹਾਰੋ ਵੇ,
ਕੁੜੀਆਂ ਨਾ ਕੁੱਖ ਵਿਚ ਮਾਰੋ ਵੇ,
ਨਵਾਂ ਜ਼ਮਾਨਾ, ਨਵੀਆਂ ਸੋਚਾਂ, ਅੱਜ ਨਵੀਂ ਚਲਾਈਏ ਲੀਹ ਵੇ
ਪੁੱਤਾਂ ਬਰਾਬਰ ਧੀ ਵੇ ਲੋਕੋ ਪੁੱਤਾਂ ਬਰਾਬਰ ਧੀ ਵੇ...
ਅੱਜ ਪੁੱਤਾਂ ਬਰਾਬਰ ਧੀ ਵੇ ਲੋਕੋ ਪੁੱਤਾਂ ਬਰਾਬਰ ਧੀ ਵੇ ...

ਪੜ੍ਹ-ਲਿਖ ਕੇ ਕੁੜੀ ਆਪ ਕਮਾਉਂਦੀ
ਰਾਜਨੀਤੀ ਵਿਚ ਹਿੱਸਾ ਪਾਉਂਦੀ
ਅੱਜ ਮੈਂ ਵੇਖਾਂ ਜਹਾਜ਼ ਚਲਾਉਂਦੀ
ਵਿਚ ਪੁਲਾੜ ਦੇ ਚੱਕਰ ਲਾਉਂਦੀ
ਮੁੰਡਿਆਂ ਵਾਲੇ ਕੰਮ ਨੇ ਸਾਰੇ ਹਰ ਪਾਸੇ ਕੁੜੀ ਮੱਲਾਂ ਮਾਰੇ
ਫਿਰ ਫ਼ਰਕ ਦੱਸੋ ਅੱਜ ਕੀ ਵੇ
ਪੁੱਤਾਂ ਬਰਾਬਰ ਧੀ ਵੇ ਲੋਕੋ ਪੁੱਤਾਂ ਬਰਾਬਰ ਧੀ ਵੇ
ਅੱਜ ਪੁੱਤਾਂ ਬਰਾਬਰ . . . .

ਜੇ ਮੰਮੀ ਤੂੰ ਵੀ ਨਾ ਜੰਮਦੀ
ਦੁਨੀਆ ਸੀ ਫਿਰ ਕਿਹੜੇ ਕੰਮਦੀ
ਜੇ ਪਾਪਾ ਭੂਆ ਨਾ ਬਚਦੀ
ਕਿਸ ਨਾਲ ਦਾਦੀ ਦੁਖ-ਸੁਖ ਕਰਦੀ
ਜਿਸ ਨੇ ਜੰਮੇ ਯੋਧੇ ਸਾਰੇ ,
ਉਸੇ ਦੇ ਅੱਜ ਹੱਕ ਅਸਾਂ ਮਾਰੇ
ਬਾਬੇ ਦੱਸਿਆ ਜੱਗ ਦੀ ਜਨਣੀ
ਹੋਰ ਕੀਹਦੀ ਅਸਾਂ ਗੱਲ ਫਿਰ ਮੰਨਣੀ
ਜੰਮਣ ਵੇਲੇ ਫਰਕ ਕੀ ਹੁੰਦਾ
ਇਕੋ ਜਿੰਨਾ ਦਰਦ ਏ ਹੁੰਦਾ
ਅਣਜੰਮੀਆਂ ਦੇ ਸਿਵੇ ਨਾ ਬਾਲ੍ਹੋ
ਹੁਣ ਤਾਂ ‘ਹਾਅ ਦਾ ਨਾਹਰਾ’ ਮਾਰੋ
ਪੁੱਤਰ-ਧੀਆਂ ਇਕ ਬਰਾਬਰ ਦੋਵੇਂ ਰੱਬ ਦੇ ਜੀਅ ਵੇ
ਪੁੱਤਾਂ ਬਰਾਬਰ ਧੀ ਵੇ ਲੋਕੋ ਪੁੱਤਾਂ ਬਰਾਬਰ ਧੀ ਵੇ
ਅੱਜ ਪੁੱਤਾਂ ਬਰਾਬਰ . . . .


ਦਾਜ ਦੇ ਲੋਭੀ ਕਹਿਰ ਨੇ ਢਾਹੁੰਦੇ
ਤਾਂ ਵੀ ਲੋਕੀਂ ਕੁੜੀ ਨਹੀਂ ਚਾਹੁੰਦੇ
ਖੁਦ ਜੇ ਮਾਂ ਨੇ ਸਿਤਮ ਹੰਢਾਏ
ਵੇਖ ਧੀਆਂ ਨੂੰ ਮਰ-ਮਰ ਜਾਵੇ
ਹਾਏ ਰੱਬਾ ! ਇਹ ਲੋਕ ਦਿਖਾਵੇ
ਧੀਆਂ ਵਾਲਾ ਕਿਧਰ ਜਾਵੇ
ਉਪਰਲੇ ਤੋਂ ਡਰੋ ਵੇ ਲੋਕੋ
ਕਦਰ ਧੀਆਂ ਦੀ ਕਰੋ ਵੇ ਲੋਕੋ....
ਕੁੜੀਆਂ ਵਿਚ ਵਿਸ਼ਵਾਸ ਜਗਾਈਏ
ਮੁੱਢ ਤੋਂ ਹੀ ਮਜ਼ਬੂਤ ਬਣਾਈਏ
ਮਾਈ ਭਾਗੋ ਤੇ ਝਾਂਸੀ ਰਾਣੀ, ਵੀ ਤਾਂ ਕੁੜੀਆਂ ਸੀ ਵੇ
ਪੁੱਤਾਂ ਬਰਾਬਰ ਧੀ ਵੇ ਲੋਕੋ ਪੁੱਤਾਂ ਬਰਾਬਰ ਧੀ ਵੇ
ਅੱਜ ਪੁੱਤਾਂ ਬਰਾਬਰ ਧੀ ਵੇ ਲੋਕੋ ਪੁੱਤਾਂ ਬਰਾਬਰ ਧੀ
ਹੁਣ ਪੁੱਤਾਂ ਬਰਾਬਰ ਧੀ ਵੇ ਲੋਕੋ ਪੁੱਤਾਂ ਬਰਾਬਰ ਧੀ ਵੇ...

No comments: