Sunday, November 2, 2008

ਖ਼ਤ.... ਇੱਕ ਅਣਜੰਮੀ ਧੀ ਦਾ !!!

ਮਾਂ, ਮੈਂ ਇਸ ਵੇਲੇ ਰੱਬ ਦੀ ਗੋਦ ਚ ਬੈਠੀ ਹਾਂ
ਅਪਾਹਿਜ ਹੋਏ ਹੱਥ ਨਾਲ ਖ਼ਤ ਲਿਖ ਰਹੀ ਹਾਂ
ਮਾਂ, ਰੱਬ ਮੇਰੇ ਨਾਲ ਖੇਡਦਾ ਹੈ
ਪਿਆਰ ਵੀ ਕਰਦੈ , ਤੇ ਰੋ ਵੀ ਪੈਂਦੈ
ਮੈਂ ਇੱਕ ਦਿਨ ਤੁਹਾਡੀ ਧੀ ਬਣਨਾ ਸੀ
ਪਰ ਮੇਰਾ ਸੁਫਨਾ ਵੀ ਐਂਵੇਂ ਹੀ ਟੁੱਟਣਾ ਸੀ

ਜਿਸ ਦਿਨ ਮੈਨੂੰ ਆਪਣੀ ਹੋਂਦ ਦਾ ਸੀ ਪਤਾ ਲੱਗਾ
ਓ ਥਾਂ ਹਨੇਰਾ ਪਰ ਆਪਣਾ ਘਰ ਜਿਹਾ ਲੱਗਾ
ਮੇਰੇ ਨਿੱਕੇ ਨਿੱਕੇ ਅੰਗ ਬਣ ਰਹੇ ਸੀ,
ਮੇਰੇ ਦਿਨ ਰਾਤ ਖੁਸ਼ੀ ਚ ਲੰਘ ਰਹੇ ਸੀ
ਦੁਨੀਆਂ ਚ ਜਾਊਂਗੀ, ਬੈਠੀ ਸੋਚਦੀ ਰਹਿੰਦੀ
ਜੇ ਤੂੰ ਹੱਸਦੀ ਮੈਂ ਵੀ ਹੱਸਦੀ, ਨਹੀਂ ਤਾਂ ਰੋ ਪੈਂਦੀ ਸੀ

ਯਾਦ ਹੈ ਇੱਕ ਵਾਰ ਤੂੰ ਸਾਰਾ ਦਿਨ ਰੋਂਦੀ ਰਹੀ
ਮੈਂ ਵੀ ਉਦਾਸ ਹੋ ਕੇ ਰੱਬ ਨੂੰ ਧਿਆਉਂਦੀ ਰਹੀ
ਅਚਾਨਕ ਮੈਂ ਅਪਣੇ ਘਰ ਚ ਇੱਕ ਦੈਂਤ ਵੇਖਿਆ
ਹੱਥਾਂ ਚ ਹਥਿਆਰ, ਚਿਹਰੇ ਤੇ ਦਵੈਤ ਵੇਖਿਆ
ਉਸਦੀਆਂ ਬਾਹਾਂ ਮੇਰੇ ਨੇਡ਼ੇ ਆਉਂਦੀਆਂ ਰਹੀਆਂ
“ਮਾਂ, ਮਾਂ” ਮੇਰੀਆਂ ਵੀ ਚੀਕਾਂ ਕਢਾਉਂਦੀਆਂ ਰਹੀਆਂ

ਉਸ ਨੂੰ ਰੋਕਣ ਲਈ ਤਰਲੇ ਮਿੰਨਤਾਂ ਕਰਦੀ ਰਹੀ
ਪਰ ਹੌਲੀ ਹੌਲੀ ਸ਼ਾਇਦ ਮੈਂ ਮਰਦੀ ਰਹੀ
ਚੀਕਾਂ ਮੇਰੀਆਂ ਮੇਰੇ ਹੀ ਗਲ਼ ਚ ਦੱਬ ਕੇ ਰਹਿ ਗਈਆਂ
ਨਿੱਕੀਆਂ ਨਿੱਕੀਆਂ ਲੱਤਾਂ ਬਾਹਾਂ ਉਸ ਦੇ ਹੱਥ ਪੈ ਗਈਆਂ
ਹਾਂ ,ਮੈਂ ਹਰ ਪਲ ਮਰ ਰਹੀ ਸੀ
ਤੈਥੋਂ ਦੂਰ ਹੋਣ ਦੀ ਪੀਡ਼ਾ ਜਰ ਰਹੀ ਸੀ

ਮੇਰੇ ਚ ਜੀਣ ਦੀ ਲਾਲਸਾ ਵੀ ਸੀ ਤੇ ਹਿੰਮਤ ਵੀ
ਤੇਰੀ ਕੁੱਖ ਮੇਰਾ ਘਰ ਵੀ ਸੀ ਤੇ ਜੰਨੱਤ ਵੀ
ਸ਼ਾਇਦ ਧੀ ਬਣ ਕੇ ਤੇਰਾ ਦੁੱਖ ਵੰਡਾ ਲੈਂਦੀ
ਮੈਂ ਵੀ ਤੇਰੀ ਧੀ ਹੋਣ ਦਾ ਸੁੱਖ ਹੰਢਾ ਲੈਂਦੀ
ਜਾਣ ਤੋਂ ਪਹਿਲਾਂ ਦੱਸਣਾ ਸੀ ਕਿ ਕਿੰਨਾ ਪਿਆਰ ਕਰਦੀ ਹਾਂ
ਪਰ ਆਖਰੀ ਸਾਹਾਂ ਤੇ ਮੈਂ ਵੀ ਕੀ ਕਰ ਸਕਦੀ ਹਾਂ

ਹੁਣ ਉਸ ਦੈਂਤ ਦੇ ਅੱਗੇ ਰੋਣਾ ਵਿਅਰਥ ਸੀ
ਤੂੰ ਵੀ ਤਾਂ ਉਸ ਨਾਲ ਲਡ਼ਨ ਚ ਅਸਮਰੱਥ ਸੀ
ਕਿਸੇ ਹੋਰ ਨੂੰ ਨਿੱਕੇ ਬੀਜ ਨੂੰ ਹੱਥ ਲਾਉਣ ਨਾ ਦੇਵੀਂ
ਅਗਲੀ ਵਾਰ ਮਾਂ ,ਉਸ ਦੈਂਤ ਨੂੰ ਨੇਡ਼ੇ ਆਉਣ ਨਾ ਦੇਵੀਂ
ਪਰ ਹੁਣ ਮੈਨੂੰ ਇੱਕ ਪਰੀ ਨੇ ਗੋਦੀ ਚ ਚੁੱਕਿਆ ਸੀ
ਰੋ ਰਹੀ ਸੀ ਪਰ ਮੇਰੇ ਪਿੰਡੇ ਦਾ ਦਰਦ ਜਿਵੇਂ ਮੁੱਕਿਆ ਸੀ

ਉਸ ਪਰੀ ਨੇ ਜਾ ਕੇ ਮੈਨੂੰ ਰੱਬ ਦੀ ਗੋਦ ਚ ਬੈਠਾ ਦਿੱਤਾ
ਪੁੱਛਿਆ “ਤੁਸੀਂ ਕੌਣ”?, ਕਹਿੰਦੇ ਵਕ਼ਤ ਨੇ ਤੇਰਾ ਪਿਤਾ ਬਣਾ ਦਿੱਤਾ
ਖੁਸ਼ ਤਾਂ ਹੋ ਗਈ ਪਰ ਸਵਾਲ ਕੀਤਾ, ਕਿ ਮੈਨੂੰ ਕਾ ਹੋਇਆ ਸੀ??
ਕਹਿੰਦੇ “ਗਰਭਪਾਤ”, ਉਹੀ ਦੈਂਤ ਹੋਣਾ ਮੈਂ ਸੋਚਿਆ ਸੀ।।
ਬਸ ਹੁਣ ਆਹੀ ਕਹਿਣਾ “ਮਾਂ ਮੈਂ ਅੱਜ ਵੀ ਤੈਨੂੰ ਪਿਆਰ ਕਰਦੀ ਹਾਂ”
“ਮੈਂ ਤਾਂ ਅਜੇ ਵੀ ਤੇਰੀ ਨਿੱਕੀ ਜਿਹੀ ਲਾਡੋ ਬਣਨਾ ਲੋਚਦੀ ਹਾਂ”
-ਰੇਨੂੰ...Renu Jalandhar

No comments: