Sunday, November 2, 2008

ਮਾਂ ਤੇ ਧੀ


ਤੈਨੂੰ ਯਾਦ ਹੈ ਮਾਂ
ਛੋਟੇ ਹੁੰਦਿਆਂ
ਜਦੋਂ ਵੀ
ਮੈਨੂੰ ਕਿਤੇ ਪੀੜ ਹੁੰਦੀ
ਤੂੰ ਮੈਨੂੰ ਆਪਣੇ ਸੀਨੇ ਨਾਲ ਲਾ ਲੈਂਦੀ
ਮੈਨੂੰ ਲਗਦਾ
ਜਿਵੇਂ ਮੇਰੇ ਸਾਰੇ ਦੁਖ
ਤੂੰ ਆਪਣੇ ਸੀਨੇ ਵਿਚ ਪਾ ਲਏ ਹੋਣ
ਮਾਂ
ਤੂੰ ਕਿੱਦਾਂ ਸਮਝ ਜਾਂਦੀ ਸੈਂ
ਮੇਰੀ ਹਰ ਗੱਲ ਨੂੰ
ਮੇਰੇ ਬਿਨਾ ਕਹੇ ਹੀ
ਮੇਰੀ ਹਰ ਪੀੜ ਨੂੰ
ਮੇਰੇ ਬਿਨਾ ਦਸਿਆਂ ਹੀ
ਮੇਰੀ ਹਰ ਦਰਦ ਭਰੀ ਚੀਕ ਨੂੰ
ਜਿਸ ਨੂੰ ਕਦੇ ਮੈਂ 'ਚੀਕਿਆ' ਹੀ ਨਹੀਂ

ਮੈਨੂੰ ਪਤਾ ਹੈ ਮਾਂ
ਮੇਰੇ ਹਰ ਦਰਦ ਨੂੰ
ਤੂੰ ਮੈਥੋਂ ਜਿਆਦਾ ਜਰਿਆ ਹੈ
ਮਾਂ, ਅੱਜ ਵੀ
ਮੈਨੂੰ ਤੇਰੀ ਉਸੇ ਛੋਹ ਦੀ ਲੋੜ ਹੈ
ਜਿਸ ਨਾਲ ਮੇਰੇ ਦਰਦ ਉਡ ਪੁਡ ਜਾਂਦੇ
ਉਨ੍ਹਾਂ ਮੋਹ ਭਿੱਜੀਆਂ ਅੱਖਾਂ ਦੀ ਲੋੜ ਹੈ
ਜਿਨ੍ਹਾਂ ਵਿਚ ਮੈਂ ਕਦੇ
ਆਪਣੇ ਉਜਲੇ ਭਵਿੱਖ ਦੇ
ਸੁਪਨੇ ਵੇਖੇ ਸੀ
ਉਸੇ ਗਲਵਕੜੀ ਦੀ ਲੋੜ ਹੈ
ਜਿਸ ਵਿਚ ਆ ਕੇ
ਮੈਂ ਸਾਰੀ ਦੁਨੀਆਂ ਭੁੱਲ ਜਾਂਦੀ
ਤੂੰ ਮੈਨੂੰ ਤੋਰ ਕੇ
ਆਪਣੇ ਤੋਂ ਦੂਰ ਕਿਉਂ ਕਰ ‘ਤਾ ਮਾਂ???
ਹਾਂ! ਤੂੰ ਸ਼ਾਇਦ ਮਜਬੂਰ ਸੈਂ
ਤੇ ਮਜਬੂਰ ਤਾਂ ਮੈਂ ਵੀ ਹਾਂ
ਤੂੰ ਵੀ ਮੈਨੂੰ ਮਿਲਣਾ ਲੋਚਦੀਂ ਏਂ
ਤੇ ਮੈਂ ਵੀ
ਪਰ ਦੋਵੇਂ ਹੀ
ਰਿਸ਼ਤਿਆਂ ਦੀਆਂ ਮਜਬੂਤ ਬੇੜੀਆਂ ਨੂੰ
ਖੋਲ੍ਹ ਨਹੀਂ ਸਕਦੇ
ਤੋੜ ਨਹੀਂ ਸਕਦੇ
ਮੈਨੂੰ ਪਤਾ ਹੈ ਮਾਂ
ਮੇਰੀ ਜ਼ਿੰਦਗੀ ਵੀ
ਉਸੇ ਤਰ੍ਹਾ ਬੀਤੇਗੀ
ਜਿਵੇਂ ਤੂੰ ਜ਼ਿੰਦਗੀ ਗੁਜ਼ਾਰੀ ਹੈ
ਕਿਉਂਕਿ ਮੈਂ ਵੀ ਤੇ
ਤੇਰਾ ਹੀ ਅਕਸ ਹਾਂ
ਮੈਂ ਵੀ ਤੇ, ਤੂੰ ਹੀ ਹਾਂ
ਤੇ ਅੱਗੋਂ
ਸ਼ਾਇਦ ਮੇਰਾ ਅਕਸ ਵੀ
ਇਸੇ ਤਰ੍ਹਾਂ ਜ਼ਿੰਦਗੀ ਗੁਜ਼ਾਰੇ
ਸਹਿਣਾ, ਬਲਿਦਾਨ ਕਰਨਾ, ਦੂਜਿਆਂ ਨੂੰ ਪਿਆਰ ਦੇਣਾ
ਇਹੀ ਤਾਂ ਅਸੀਂ ਸਿੱਖਿਆ ਹੈ
ਇਹ ਤਾਂ ਹਰ ਕੁੜੀ ਦੇ ਗਹਿਣੇ ਨੇ
ਉਹ ਖ਼ਾਨਦਾਨੀ ਗਹਿਣੇ
ਜੋ ਹਰ ਧੀ ਨੂੰ
ਆਪਣੀ ਮਾਂ ਤੋਂ ਮਿਲਦੇ ਨੇ
ਮਾਂ ਨੂੰ ਉਸਦੀ ਮਾਂ ਤੋਂ
ਤੇ ਉਸਦੀ ਮਾਂ ਨੂੰ ਉਸਦੀ ਮਾਂ ਤੋਂ…
ਬਸ ਇਸੇ ਤਰ੍ਹਾਂ ਹਰ ਧੀ ਨੂੰ
ਸਿਖਾ‘ਤਾ ਜਾਂਦਾ ਹੈ ਕਿ
ਕਿਵੇਂ ਦੂਜਿਆਂ ਲਈ ਜੀਣਾ ਹੈ
ਸਿਰਫ ਦੂਜਿਆਂ ਲਈ……

No comments: